ਅੱਖਾਂ ਦੇ ਹਨੇਰੇ ਮਿਟਾਉਣ ਲਈ ਸੇਵਾ ਦਾ ਚਾਨਣ, ਜੈਤੋ ’ਚ 33ਵਾਂ ਮੁਫ਼ਤ ਲੈਂਜ ਕੈਂਪ
650 ਮਰੀਜ਼ਾਂ ਦੀ ਜਾਂਚ, 330 ਮਰੀਜ਼ ਅੱਖਾਂ ਦੇ ਆਪ੍ਰੇਸ਼ਨਾਂ ਲਈ ਚੁਣੇ; ਲੋੜਵੰਦਾਂ ਨੂੰ ਮੁਫ਼ਤ ਲੈਂਜ ਪਾਏ ਜਾਣਗੇ
ਜੈਤੋ, 29 ਅਕਤੂਬਰ (ਮਨਜੀਤ ਸਿੰਘ ਢੱਲਾ)
ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਅਤੇ ਸੰਤ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਦੀ ਰਹਿਨੁਮਾਈ ਹੇਠ ਮਾਤਾ ਅਮਰ ਕੌਰ ਜੀ ਦੀ ਯਾਦ ਨੂੰ ਸਮਰਪਿਤ 33ਵਾਂ ਮੁਫ਼ਤ ਅੱਖਾਂ ਦਾ ਲੈਂਜ ਕੈਂਪ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੋਸਾਇਟੀ (ਰਜਿ.), ਚੈਨਾ ਰੋਡ, ਜੈਤੋ ਵਿਖੇ ਲਗਾਇਆ ਗਿਆ। ਕੈਂਪ ਨੂੰ ਯੂਕੇ ਨਿਵਾਸੀ ਸੱਜਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਹਿਯੋਗ ਦਿੱਤਾ।
ਕੈਂਪ ਦਾ ਉਦਘਾਟਨ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਦੇ ਚੀਫ਼ ਪੈਟਰਨ ਸੰਤ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ, ਸੰਤ ਰਿਸ਼ੀ ਰਾਮ ਜੀ, ਪਰਮਿੰਦਰ ਸਿੰਘ ਮਾਂਗਟ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਭੁਪਿੰਦਰਪਾਲ ਕੌਰ ਅਤੇ ਡਾ. ਮੋਨਿਕਾ ਬਲਿਆਨ ਨੇ ਲਗਭਗ 650 ਮਰੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 330 ਨੂੰ ਆਪ੍ਰੇਸ਼ਨਾਂ ਲਈ ਚੁਣਿਆ ਗਿਆ।
ਸੰਤ ਸਵਾਮੀ ਬ੍ਰਹਮ ਮੁਨੀ ਜੀ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਪੁੰਨ ਦਾ ਕੰਮ ਹੈ। ਸੋਸਾਇਟੀ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਜੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਰਹਿਣ-ਸਹਿਣ ਅਤੇ ਲੰਗਰ ਦਾ ਪ੍ਰਬੰਧ ਵੀ ਸੋਸਾਇਟੀ ਵੱਲੋਂ ਕੀਤਾ ਜਾਂਦਾ ਹੈ। ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਜਾਂਚ ਤੋਂ ਬਾਅਦ ਅੱਖਾਂ ਦੀ ਦਵਾਈ ਮੁਫ਼ਤ ਦਿੱਤੀ ਗਈ।
